ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, April 3, 2010

ਅਮਰੀਕ ਸਿੰਘ ਪੂਨੀ - ਗ਼ਜ਼ਲ

ਸਾਹਿਤਕ ਨਾਮ: ਅਮਰੀਕ ਸਿੰਘ ਪੂਨੀ

ਜਨਮ: 9 ਅਕਤੂਬਰ, 1937 (ਜਲੰਧਰ ਜ਼ਿਲ੍ਹੇ ਦੇ ਪਿੰਡ ਜੀਂਦੋਵਾਲ ਵਿਖੇ) 3 ਅਪ੍ਰੈਲ, 2010

ਪ੍ਰਕਾਸ਼ਿਤ ਕਿਤਾਬਾਂ: ਪੂਨੀ ਸਾਹਿਬ ਦੁਆਰਾ ਰਚਿਤ ਕਿਤਾਬਾਂ ਚ ਗ਼ਜ਼ਲ-ਸੰਗ੍ਰਹਿ; ਕੰਡਿਆਲ਼ੀ ਰਾਹ ( 1974), ਨੰਗੇ ਪੈਰ ( 1977), ਪਾਣੀ ਵਿਚ ਲਕੀਰਾਂ ( 1986), ਮੋਏ ਮੌਸਮਾਂ ਦਾ ਮਰਸੀਆ ( 1991), ਰੁੱਤ ਆਏ ਰੁੱਤ ਜਾਏ ( 1999), ਅੱਖੀਂ ਵੇਖ ਨਾ ਰੱਜੀਆਂ ( 2006), ਅੱਖਾਂ ਵਾਲ਼ਾ ਕਯਾ ਵਿਚਾਰਾ ( 2007) ਅਤੇ ਆਪੇ ਨਾਲ਼ ਤੁਰਦਿਆਂ (2010) ਪ੍ਰਮੁੱਖ ਹਨ। ਉਹ 1965 ਦੇ ਬੈਚ ਦੇ ਆਈ.ਏ.ਐੱਸ. ਅਫ਼ਸਰ ਸਨ। 1996 ਤੋਂ 2002 ਤੱਕ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਰਹੇ। ਅਨੇਕਾਂ ਸੰਸਥਾਵਾਂ ਅਤੇ ਸਾਹਿਤ ਸਭਾਵਾਂ ਵੱਲੋਂ, ਉਹਨਾਂ ਨੂੰ ਅਨੇਕਾਂ ਮਾਣ-ਸਨਮਾਨਾਂ ਨਾਲ਼ ਸਨਮਾਨਿਆ ਜਾ ਚੁੱਕਾ ਸੀ।

-----

ਦੋਸਤੋ! ਜਿਵੇਂ ਕਿ ਪਹਿਲਾਂ ਹੀ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਜਾ ਚੁੱਕੀ ਹੈ ਕਿ ਪ੍ਰਸਿੱਧ ਗ਼ਜ਼ਲਗੋ ਸ: ਅਮਰੀਕ ਸਿੰਘ ਪੂਨੀ ਜੀ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ, ਉਹਨਾਂ ਦੁਆਰਾ ਰਚਿਤ ਤਿੰਨ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਦੀ ਅੱਜ ਦੀ ਪੋਸਟ ਸ਼ਾਮਿਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਗ਼ਜ਼ਲ

ਐਵੇਂ ਦੇਈ ਨਾ ਜਾ ਹਵਾ ਮੈਨੂੰ।

ਮੈਂ ਹਾਂ ਅੰਗਿਆਰ, ਉੱਠ ਕੇ ਬੁਝਾ ਮੈਨੂੰ।

-----

ਸੁਰ ਕੋਈ ਪਿਆਰ ਦੀ ਸੁਣਾ ਮੈਨੂੰ।

ਲਾ ਕੇ ਆਢ੍ਹੇ ਨਾ ਇੰਝ ਤਪਾ ਮੈਨੂੰ।

-----

ਮੈਂ ਹਾਂ ਸੁਕਰਾਤ ਨਾ ਕੋਈ ਸ਼ੰਕਰ,

ਜ਼ਹਿਰ ਕੁਝ ਸੋਚ ਕੇ ਪਿਆ ਮੈਨੂੰ।

-----

ਵਾਂਗ ਸੂਹੇ ਸਿਵੇ ਦੇ ਮਚਿਆ ਹਾਂ,

ਹੋਰ ਚਿਣਗਾਂ ਨਾ ਹੁਣ ਛੁਹਾ ਮੈਨੂੰ।

-----

ਇਨ੍ਹਾਂ ਨਾਸੂਰ ਬਣ ਕੇ ਰਿਸ ਪੈਣੈ,

ਫ਼ੱਟ ਬੋਲਾਂ ਦੇ ਨਾ ਲਗਾ ਮੈਨੂੰ।

-----

ਮੇਰੇ ਸਿਰ ਤੇ ਖ਼ੁਦਾ ਬਣੀ ਬੈਠੈਂ,

ਕਿੰਝ ਵਿਚਰੇਂਗਾ ਕਰ ਜੁਦਾ ਮੇਨੂੰ?

-----

ਧਰਤ ਆਪਣੀ ਨਾ ਆਪਣਾ ਅੰਬਰ,

ਹੋਰ ਦੇਵੇਂਗਾ ਕੀ ਸਜ਼ਾ ਮੈਨੂੰ?

-----

ਮੈਂ ਹਾਂ ਕੁਕਨੂਸ ਮਰ ਕੇ ਜੀ ਪਾਂਗਾ,

ਵਕ਼ਤ ਦੇ ਮੀਰ ਆਜ਼ਮਾ ਮੈਨੂੰ।

-----

ਮੁੱਕ ਜਾਵਣ ਕਲੇਸ਼ ਤੇ ਕਜੀਏ,

ਕਦੇ ਇਹ ਵੀ ਤਾਂ ਦੁਆ ਦੇ ਮੈਨੂੰ।

-----

ਮੈਂ ਹਾਂ ਅਮਰੀਕ ਦੀਪ ਦੇਹੁਰੀ ਦਾ,

ਭੁੱਲ ਕੇ ਹੀ ਸਹੀ, ਜਗਾ ਮੈਨੂੰ।

=====

ਗ਼ਜ਼ਲ

ਜ਼ਹਿਰ ਲੂੰ ਲੂੰ ਨੂੰ ਚੜ੍ਹ ਗਿਆ ਕੋਈ।

ਨਾਗ ਮੌਸਮ ਨੂੰ ਲੜ ਗਿਆ ਕੋਈ।

-----

ਕਲਸ ਦਸਦੇ ਪਏ ਨੇ ਅੰਬਰ ਨੂੰ,

ਕਿੰਝ ਹੁਜਰਾ ਉਜੜ ਗਿਆ ਕੋਈ।

-----

ਸਦ-ਬਹਾਰ ਸੀ ਜੋ ਅਜ਼ਲਾਂ ਤੋਂ,

ਬਿਰਖ਼ ਸੋਚਾਂ ਦਾ ਝੜ ਗਿਆ ਕੋਈ।

-----

ਹੁਣ ਤੇ ਆਲਮ ਹੈ ਇਹ ਹਯਾਤੀ ਦਾ,

ਸੁਣੀ ਦਸਤਕ ਤੇ ਦੜ ਗਿਆ ਕੋਈ।

-----

ਹਰ ਤਰਫ਼ ਸਲਤਨਤ ਹੈ ਰੋਕਾਂ ਦੀ,

ਕਿੰਝ ਲੇਖਾਂ ਨੂੰ ਘੜ ਗਿਆ ਕੋਈ।

-----

ਇਕ ਜ਼ਮਾਨੇ ਨੂੰ ਚਾੜ੍ਹ ਸੂਲ਼ੀ ਤੇ,

ਕਿੱਲ ਰੂਹਾਂ ਚ ਜੜ ਗਿਆ ਕੋਈ।

-----

ਕੋਈ ਪਿੰਜਿਆ ਗ਼ੁਸੈਲ ਮੌਸਮ ਨੇ,

ਵਾਂਗ ਖਿੱਦੋ ਉਧੜ ਗਿਆ ਕੋਈ।

-----

ਭਾਵੇਂ ਅਮਰੀਕ, ਕੁਝ ਕਿਹਾ ਨਾ ਕਿਸੇ,

ਦਾਗ਼ ਦਿਲ ਤੇ ਉੱਘੜ ਗਿਆ ਕੋਈ।

=====

ਗ਼ਜ਼ਲ

ਮਿਟ ਗਏ ਹੇਜ ਭਰਾਵਾਂ ਵਿਚੋਂ।

ਤਾਕ਼ਤ ਘਟ ਗਈ ਬਾਹਵਾਂ ਵਿਚੋਂ।

-----

ਫਿਤਰਤ ਬਦਲੀ ਏ ਰੁੱਤਾਂ ਦੀ,

ਆਵੇ ਹੁਮਕ ਫਜ਼ਾਵਾਂ ਵਿਚੋਂ।

-----

ਧੁੱਪਾਂ ਤੇ ਹੁਣ ਕਾਹਦਾ ਸ਼ਿਕਵਾ,

ਅੱਗ ਵਰ੍ਹਦੀ ਏ ਛਾਵਾਂ ਵਿਚੋਂ।

-----

ਬਦਸ਼ਗਨੀ ਦੀ ਬੂ ਆਉਂਦੀ ਏ,

ਸੋਗੀ ਸ਼ਹਿਰ ਗਰਾਵਾਂ ਵਿਚੋਂ।

-----

ਨਹੀਂ ਨਮੋਸ਼ੀ ਕਿਸੇ ਜੁਰਮ ਦੀ,

ਲਥ ਗਈ ਸ਼ਰਮ ਨਿਗ੍ਹਾਵਾਂ ਵਿਚੋਂ।

-----

ਸੂਰਜ ਹੋਇਆ ਵਸ ਸ਼ੰਨੀ ਦੇ,

ਨ੍ਹੇਰੇ ਕਿਰਨ ਸ਼ੁਆਵਾਂ ਵਿਚੋਂ।

-----

ਮਿਣ ਮਿਥ ਕੇ ਮੁਤਜ਼ਾਦ ਮੰਜ਼ਲਾਂ,

ਰਾਹ ਪਾਟੇ ਨੇ ਰਾਹਵਾਂ ਵਿਚੋਂ।

-----

ਮਨ ਪੁਛਦਾ ਏ ਕਿਸਨੂੰ ਪੂਜਾਂ,

ਵੇਲ਼ੇ ਦਿਆਂ ਖ਼ੁਦਾਵਾਂ ਵਿਚੋਂ?

-----

ਲਗਦੇ ਨੇ ਅਨੁਮਾਨ ਵਫ਼ਾ ਦੇ,

ਹੁਣ ਤੇ ਕੇਵਲ ਨਾਵਾਂ ਵਿਚੋਂ।

-----

ਸੁਣ ਅਮਰੀਕ ਪੁਕਾਰ ਸਮੇਂ ਦੀ,

ਆਉਂਦੀ ਦਸਾਂ ਦਿਸ਼ਾਵਾਂ ਵਿਚੋਂ।

No comments: